7 ਜੁਲਾਈ, 2007 ਨੂੰ ਇਕ ਵਾਰ ਦੁਨੀਆ ਫਿਰ ਵਿਚੋਂ ਲੋਕਾਂ ਦੀ ਸਹਿਮਤੀ ਨਾਲ ਸੱਤ ਅਜੂਬਿਆਂ ਦੀ ਚੋਣ ਕੀਤੀ ਗਈ. ਇਹ ਪਹਿਲੀ ਵਾਰ ਨਹੀਂ. ਇਸ ਤੋਂ ਪਹਿਲਾਂ ਵੀ ਦੁਨੀਆਂ ਵਿਚ ਦੋ ਵਾਰ ਸੱਤ ਅਜੂਬੇ ਚੁਣੇ ਗਏ. ਉਨ੍ਹਾਂ ਵਿਚੋਂ ਕਈ ਹੁਣ ਮਿਟ ਚੁੱਕੇ ਹਨ.
ਸਭ ਤੋਂ ਪੁਰਾਣੇ ਸੱਤ ਅਜੂਬਿਆਂ ਵਿਚੋਂ ਇਸ ਸਮੇਂ ਕੇਵਲ ਮਿਸਰ ਦਾ ਗਿਜੇ ਦਾ ਪਿਰਾਮਿਡ ਹੀ ਬਚਿਆ ਹੈ ਜੋ ਕਿ ਪੰਜ ਹਜ਼ਾਰ ਪੰਜ ਸੌ ਸਾਲਾਂ ਤੋਂ ਵੀ ਪਹਿਲਾਂ ਬਣਾਇਆ ਸੀ. ਇਨ੍ਹਾਂ ਵਿਚੋਂ ਬਾਕੀ ਛੇ ਸਨ ਅੱਜ ਤੋਂ 2600 ਸਾਲ ਪਹਿਲਾਂ ਬਣੀ ਬੇਬੀਲੋਨੀਆ ਦੀ ਦੀਵਾਰ, ਤੀਜਾ ਸੀ ਯੂਨਾਨ ਵਿਖੇ ਦੇਵਤਾ ਜੀਅਸ ਦਾ ਮੰਦਿਰ, ਚੌਥਾ ਸੀ ਤੁਰਕੀ ਵਿਖੇ ਦੇਵੀ ਡਾਇਨਾ ਦਾ ਮੰਦਿਰ ਅਤੇ ਪੰਜਵਾਂ ਸੀ ਤੁਰਕੀ ਦੇ ਸ਼ਹਿਰ ਹੈਲੀਕਾਰਨਾਸਸ ਵਿਖੇ ਗੁੰਬਦ, ਛੇਵਾਂ ਸੀ ਕੋਲੋਸਸ ਆਫ ਰਹੋਡਜ਼ ਅਤੇ ਸੱਤਵਾਂ ਸੀ ਮਿਸਰ ਦਾ ਫੈਰੋਸ ਦਾ ਲਾਈਟ ਹਾਊਸ.
ਇਨ੍ਹਾਂ ਵਿਚੋਂ ਬਹੁਤੇ ਨਸ਼ਟ ਹੋ ਗਏ ਹਨ. ਫਿਰ ਦੂਜੀ ਵਾਰ ਸੱਤ ਅਜੂਬੇ ਚੁਣੇ ਗਏ, ਜਿਨ੍ਹਾਂ ਵਿਚੋਂ ਭਾਰਤ ਦਾ ਤਾਜ ਮਹਲ, ਚੀਨ ਦੀ ਦੀਵਾਰ, ਆਈਫਲ ਟਾਵਰ, ਗਿਜੇ ਦਾ ਪਿਰਾਮਿਡ, ਪੀਸਾ ਦੀ ਝੁਕੀ ਮੀਨਾਰ, ਸਟੈਚੂ ਆਫ ਲਿਬਰਟੀ. ਇਹ ਸਭ ਕਾਇਮ ਹਨ ਪਰ 07-07-07 ਨੂੰ ਤੀਜੀ ਵਾਰ ਨਵੇਂ ਸੱਤ ਅਜੂਬੇ ਚੁਣੇ ਗਏ, ਜਿਨ੍ਹਾਂ ਵਿਚ ਭਾਰਤ ਦੇ ਤਾਜ ਮਹਿਲ ਅਤੇ ਚੀਨ ਦੀ ਦੀਵਾਰ ਨੂੰ ਫਿਰ ਸ਼ਾਮਿਲ ਕੀਤਾ ਗਿਆ. ਹੋਰ ਹਨ ਕੋਲੋਸੀਅਸ ਇਟਲੀ, ਮਾਚੂ ਪੀਚੂ ਪੀਰੂ, ਐਕਰੋਪੋਲਿਸ-ਯੂਨਾਨ, ਪੈਟਰਾ-ਜਾਰਡਨ ਅਤੇ ਬ੍ਰਾਜ਼ੀਲ ਵਿਖੇ ਸਟੈਚੂ ਆਫ ਕਰਾਈਸਟ.
ਨਵੇਂ ਸੱਤ ਅਜੂਬਿਆਂ ਵਿਚ ਤਾਜ ਮਹਲ ਨੂੰ ਸਭ ਤੋਂ ਵੱਧ ਸਰਾਹਿਆ ਗਿਆ ਹੈ. ਸਤਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਭਾਰਤ ਵਿਚ ਰਾਜ ਕਰਦੇ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਪਤਨੀ ਅਰਜੂਮੰਦ ਬਾਨੋ ਬੇਗਮ ਦੀ ਯਾਦ ਵਿਚ ਤਾਜ ਮਹਲ ਦਾ ਨਿਰਮਾਣ ਕਰਵਾਇਆ. ਉਹ ਬਹੁਤ ਹੀ ਸੁੰਦਰ ਸੀ ਤੇ ਸ਼ਾਹਜਹਾਂ ਉਸ ਨੂੰ ਪਿਆਰ ਨਾਲ ਮੁਮਤਾਜ ਮਹਿਲ ਕਹਿੰਦਾ ਸੀ. ਮੁਮਤਾਜ ਨੂੰ ਇਕ ਸੁਪਨੇ ਵਿਚ ‘ਸੁੰਦਰ ਇਮਾਰਤ ਤਾਜ’ ਦਿਖਾਈ ਦਿੱਤੀ. ਉਸ ਨੇ ਆਪਣੇ ਪਤੀ ਸ਼ਾਹਜਹਾਂ ਨੂੰ ਇਹ ਗੱਲ ਦੱਸੀ ਤੇ ਕਿਹਾ ਕਿ ਉਨ੍ਹਾਂ ਦੇ ਪਿਆਰ ਦੀ ਨਿਸ਼ਾਨੀ ਵਜੋਂ ਉਸ ਦੀ ਮੌਤ ਤੋਂ ਬਾਅਦ ਅਜਿਹੀ ਸੁੰਦਰ ਇਮਾਰਤ ਬਣਨੀ ਚਾਹੀਦੀ ਹੈ. 1631 ਵਿਚ ਇਕ ਬੱਚੇ ਨੂੰ ਜਨਮ ਦੇਣ ਸਮੇਂ ਬਾਨੋ ਬੇਗਮ ਦੀ ਮੌਤ ਹੋ ਗਈ.
ਆਪਣੀ ਪਤਨੀ ਨਾਲ ਆਪਣੇ ਪਿਆਰ ਨੂੰ ਅਮਰ ਬਣਾਉਣ ਲਈ ਉਸ ਨੇ ਭਾਰਤ, ਪਰਸ਼ੀਆਂ, ਅਰਬ ਅਤੇ ਤੁਰਕੀ ਤੋਂ ਕਾਰੀਗਰ ਸੱਦੇ ਤੇ ਤਾਜ ਮਹਲ ਦਾ ਨਮੂਨਾ ਤਿਆਰ ਕਰਵਾ ਕੇ 1632 ਵਿਚ ਇਸ ਦਾ ਨਿਰਮਾਣ ਸ਼ੁਰੂ ਕੀਤਾ. 20 ਹਜ਼ਾਰ ਤੋਂ ਵੱਧ ਮਜ਼ਦੂਰਾਂ ਨੇ ਵੀਹ ਸਾਲਾਂ ਵਿਚ ਇਸ ਦਾ ਨਿਰਮਾਣ ਕੀਤਾ. ਤਾਜ ਮਹਿਲ ਦਾ ਚੌਗਿਰਦਾ 580×304 ਮੀਟਰ ਦਾ ਹੈ ਤੇ ਇਮਾਰਤ 94 ਵਰਗ ਮੀਟਰ ਥਾਂ ’ਤੇ ਬਣੀ ਹੈ ਤੇ ਥੜ੍ਹਾ ਸੱਤ ਮੀਟਰ ਉਚਾ ਹੈ. ਇਸ ਦੀ ਉਚਾਈ 60 ਮੀਟਰ ਹੈ. ਇਹ ਅੱਠ ਕੋਨਿਆਂ ਵਾਲੀ ਇਮਾਰਤ ਹੈ. ਇਸ ਦੇ ਨਿਰਮਾਣ ਵਿਚ ਕੇਵਲ ਸਫੈਦ ਸੰਗਮਰਮਰ ਲੱਗਿਆ ਹੈ ਤੇ ਇਸ ਦੇ ਨਿਰਮਾਣ ਲਈ ਭਾਰਤ, ਅਰਬ, ਤਿੱਬਤ ਤੇ ਮਿਸਰ ਤੋਂ ਸਮੱਗਰੀ ਮੰਗਾਈ ਗਈ ਸੀ. ਇਹ ਯਮੁਨਾ ਦੇ ਕੰਢੇ ’ਤੇ ਸਥਿਤ ਹੈ. ਸ਼ਾਹਜਹਾਂ ਤਾਂ ਯਮੁਨਾ ਦੇ ਦੂਜੇ ਕੰਢੇ ’ਤੇ ਆਪਣੇ ਲਈ ਕਾਲੇ ਸੰਗਮਰਮਰ ਦਾ ਮਕਬਰਾ ਵੀ ਬਣਾਉਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੇ ਪੁੱਤਰ ਔਰੰਗਜ਼ੇਬ ਨੇ ਉਸ ਨੂੰ ਗੱਦੀਓਂ ਲਾਹ ਕੇ ਕੈਦ ਕਰ ਦਿੱਤਾ ਸੀ.

ਲੋਡ ਹੋ ਰਿਹਾ ਹੈ