Welcome, Guest   [ Register | Sign In | Take a tour | Adult Filter: On ]

ਆਖਰ ਕਦੋਂ ਨੇਤਾ ਆਪਣੇ ਵਾਅਦੇ ਨਿਭਾਉਣਗੇ?

ਅੱਜ ਭਾਰਤ ਨੂੰ ਅਜ਼ਾਦ ਹੋਇਆਂ 61 ਸਾਲ ਹੋ ਗਏ ਹਨ। ਪੂਰਾ ਭਾਰਤ ਅਜ਼ਾਦੀ ਦੇ ਜਸ਼ਨ ਮਨਾ ਰਿਹਾ ਹੈ। ਨੇਤਾਵਾਂ ਵੱਲੋਂ ਅਜ਼ਾਦੀ ਦਿਵਸ ਮਨਾਉਣ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਸਰਕਾਰੀ ਪੈਸੇ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ। ਪਰ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੋ ਅਜ਼ਾਦ ਭਾਰਤ ਲਈ ਦੇਸ਼ ਭਗਤਾਂ ਨੇ ਸੁਪਨੇ ਦੇਖੇ ਸਨ ਕੀ ਉਹਨਾਂ ਦੇ ਸੁਪਨੇ ਪੂਰੇ ਹੋਏ ਹਨ।

ਹੁਣ ਤੱਕ ਅਜ਼ਾਦ ਭਾਰਤ ਦੇ 12 ਪ੍ਰਧਾਨ ਮੰਤਰੀਆਂ ਨੇ ਅਜ਼ਾਦੀ ਦੀ ਵਰ੍ਹੇਗੰਢ ਮੌਕੇ ਲਾਲ ਕਿਲੇ ਤੋਂ ਦੇਸ਼ ਵਿੱਚੋਂ ਫਿਰਕਾਪ੍ਰਸਤੀ, ਗਰੀਬੀ, ਅਣਪੜਤਾ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਪਰ ਜੇਕਰ ਅਮਲੀ ਰੂਪ ਵਿੱਚ ਦੇਖਿਆ ਜਾਵੇ ਤਾਂ ਇਹ ਸਾਰੀਆਂ ਸਮੱਸਿਆਂ ਖਤਮ ਹੋਣ ਦੀ ਬਜਾਏ ਹੋਰ ਵੱਧ ਰਹੀਆਂ ਹਨ। ਧਰਮ ਦੇ ਠੇਕੇਦਾਰਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਦੇ ਨਾਮ ਤੇ ਲੜਾਇਆ ਜਾ ਰਿਹਾ ਹੈ।

ਜਦੋਂ ਦੇਸ਼ ਨੂੰ ਅਜ਼ਾਦੀ ਮਿਲੀ ਤਾਂ 15 ਅਗਸਤ 1947 ਦੇ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਅੱਜ ਉਹ ਖੁਸ਼ੀ ਭਰਿਆ ਦਿਨ ਹੈ ਜਿਸਦਾ ਸੁਪਨਾ ਅਸੀਂ ਸਾਲਾਂ ਤੋਂ ਦੇਖ ਰਹੇ ਸੀ। ਨਹਿਰੂ ਜੀ ਨੇ ਕਿਹਾ ਕਿ ਅੱਜ ਸਾਨੂੰ ਖੁਸ਼ੀ ਹੈ ਕਿ ਅਸੀਂ ਆਪਣੀ ਇੱਕ ਮੰਜਲ ਤੇ ਪਹੁੰਚ ਗਏ ਹਾਂ ਪਰ ਸਾਡਾ ਸਫਰ ਅਜੇ ਖਤਮ ਨਹੀਂ ਹੋਇਆ ਅਜੇ ਅਸੀਂ ਹੋਰ ਬਹੁਤ ਮੰਜਲਾਂ ਸਰ ਕਰਨੀਆਂ ਹਨ।

ਪੰਡਿਤ ਨਹਿਰੂ ਤੋਂ ਲੈ ਕੇ ਮੌਜੂਦਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਲਾਲ ਕਿਲੇ ਤੋਂ ਆਪਣੇ ਭਾਸ਼ਣਾਂ ਵਿੱਚ ਇਹਨਾਂ ਸਮੱਸਿਆਵਾਂ ਦਾ ਲਗਾਤਾਰ ਜਿਕਰ ਕੀਤਾ ਪਰ ਇਹਨਾਂ ਭਾਸ਼ਣਾਂ ਨੂੰ ਅਮਲੀ ਰੂਪ ਨਾ ਦੇ ਬਰਾਬਰ ਹੀ ਮਿਲਿਆ। ਦੇਖਿਆ ਜਾਵੇ ਤਾਂ ਭਾਰਤੀ ਜਨਤਾ ਵਾਸਤਵਿਕ ਅਜ਼ਾਦੀ ਦੀ ਅਜੇ ਵੀ ਮੁਹਤਾਜ ਹੈ।

ਸਾਡੇ ਨੇਤਾਵਾਂ ਵੱਲੋਂ ਚਾਹੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਭਾਰਤ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਕਾਫੀ ਹੱਦ ਤੱਕ ਇਹ ਹੋਇਆ ਵੀ ਹੈ, ਜਿਵੇਂਕਿ ਆਈਟੀ ਅਤੇ ਬੀਪੀਓ ਖੇਤਰਾਂ ਵਿੱਚ ਭਾਰਤ ਨੇ ਮੰਜ਼ਲਾਂ ਨੂੰ ਸਰ ਕੀਤਾ ਹੈ ਪਰ ਇਸਦਾ ਜ਼ਿਆਦਾ ਲਾਭ ਮਹਾਂਨਗਰਾਂ ਵਿੱਚ ਰਹਿੰਦੇ ਲੋਕਾਂ ਨੂੰ ਮਿਲਿਆ ਹੈ।

ਭਾਰਤ ਦੇ ਪੇਂਡੂ ਖੇਤਰਾਂ ਜਾਂ ਛੋਟੇ ਕਸਬਿਆਂ ਦੀ ਗੱਲ ਕਰੀਏ ਤਾਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਨਸ਼ਾਖੋਰੀ ਅਤੇ ਹੋਰ ਅਨੇਕਾਂ ਬੁਰਾਈਆਂ ਨੇ ਨੌਜਵਾਨਾਂ ਨੂੰ ਇਸ ਤਰਾਂ ਜਕੜਿਆ ਹੈ ਕਿ ਜੇਕਰ ਸਮਾਂ ਰਹਿੰਦੇ ਇਹਨਾਂ ਬੁਰਾਈਆਂ ਨੂੰ ਖਤਮ ਨਾ ਕੀਤਾ ਗਿਆ ਤਾਂ ਇਸਦੇ ਗੰਭੀਰ ਨਤੀਜੇ ਨਿੱਕਲਣਗੇ।

ਰਾਜਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਪ੍ਰਤੀ ਆਪਣਾ ਫਰਜ਼ ਪਛਾਣਨ। ਸਿਰਫ ਕੁਰਸੀ ਦੀ ਰਾਜਨੀਤੀ ਛੱਡ ਕੇ ਦੇਸ਼ ਦੀ ਭਲਾਈ ਲਈ ਵੀ ਕੁੱਝ ਸੋਚਣ ਅਤੇ ਕਰਨ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਦੇਸ਼ 'ਚ ਅਜਿਹੀ ਮੁਹਿੰਮ ਚਲਾਈ ਜਾਵੇ ਕਿ ਇਨ੍ਹਾਂ ਬੁਰਾਈਆਂ ਨੂੰ ਦੇਸ਼ 'ਚੋਂ ਜੜ੍ਹੋਂ ਉਖਾੜ ਦਿੱਤਾ ਜਾਵੇ ਅਤੇ ਭਾਰਤ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਦਾ ਹੋਇਆ ਵਿਕਸਿਤ ਦੇਸ਼ਾਂ ਦੀ ਸੂਚੀ 'ਚ ਆਪਣਾ ਨਾਮ ਦਰਜ਼ ਕਰਵਾ ਲਵੇ।
ਅਸਵੀਕਰਨ