Welcome, Guest   [ Register | Sign In | Take a tour | Adult Filter: On ]

ਜਦੋਂ ਨੋਟ ਹੋਏ ਕੌਡੀਆਂ ਦੇ ਭਾਅ !!!

ਕਾਫੀ ਪੁਰਾਣੀ ਗੱਲ ਹੈ, ਇੱਕ ਆਦਮੀ ਘਰ ਦਾ ਸਮਾਨ ਲੈਣ ਲਈ ਬਜ਼ਾਰ ਗਿਆ । ਉਸਨੇ ਡਬਲਰੋਟੀ ਦਾ ਇੱਕ ਪੈਕੇਟ, ਇੱਕ ਕਿੱਲੋ ਆਲੂ ਅਤੇ ਇੱਕ ਮਾਚਸ ਦੀ ਡੱਬੀ ਖਰੀਦੀ। ਇਹਨਾਂ ਚੀਜਾਂ ਵਾਸਤੇ ਉਸਨੂੰ ਕਿੰਨੇ ਰੁਪਏ ਖਰਚ ਕਰਨੇ ਪਏ ਹੋਣਗੇ ? ਤੁਸੀਂ ਸੋਚ ਰਹੇ ਹੋਵੋਗੇ ਕਿ ਉਸਨੇ ਲੱਗਭਗ 30-40 ਰੁਪਏ ਦਿੱਤੇ ਹੋਣਗੇ, ਪਰ ਨਹੀਂ ਇਹਨਾਂ ਚੀਜਾਂ ਲਈ ਉਸਨੇ ਦੁਕਾਨਦਾਰ ਨੂੰ 28600 ਕਰੋੜ ਰੁਪਏ ਦਿੱਤੇ। ਇਹ ਨਾ ਤਾਂ ਪਰੀਆਂ ਦੀ ਕਿਸੇ ਕਹਾਣੀ ਦਾ ਕੋਈ ਹਿੱਸਾ ਹੈ ਅਤੇ ਨਾ ਹੀ ਆਉਣ ਵਾਲੇ ਯੁੱਗ ਵਿੱਚ ਮਹਿੰਗਾਈ ਦਾ ਨਮੂਨਾ । ਇਹ ਇੱਕ ਇਤਿਹਾਸਿਕ ਸੱਚਾਈ ਹੈ । ਇਹ ਘਟਨਾ ਜਰਮਨੀ ਦੀ ਹੈ । ਅਸਲ ਵਿੱਚ ਪਹਿਲੇ ਵਿਸ਼ਵ ਯੁੱਧ ਸਮੇਂ ਜਰਮਨੀ ਦੀ ਅਰਥ ਵਿਵਸਥਾ ਬੁਰੀ ਤਰਾਂ ਲੜਖੜਾ ਗਈ ਸੀ। 1923 ਵਿੱਚ ਜਰਮਨੀ ਦੀ ਕਰੰਸੀ ‘ਮਾਰਕ’ ਦੀ ਕੀਮਤ ਡਿੱਗ ਕੇ ਇਸ ਸਥਿਤੀ ਤੇ ਪਹੁੰਚ ਗਈ ਸੀ ਕਿ ਘਰਾਂ ਵਿੱਚ ਕੱਪੜੇ ਟੰਗਣ ਲਈ ਲੋਕ ਕਾਗਜ ਜਾਂ ਅਖਬਾਰ ਨਹੀਂ ਵਿਸ਼ਾਉਂਦੇ ਸਨ ਬਲਕਿ ਮਾਰਕ ਦੇ ਨੋਟ ਵਿਸ਼ਾਉਣਾ ਠੀਕ ਸਮਝਦੇ ਸਨ ਕਿਉਂਕਿ ਕਾਗਜ ਮਾਰਕ ਨਾਲੋਂ ਮਹਿੰਗਾ ਸੀ । ਹਰ ਪੰਜ ਮਿੰਟ ਬਾਅਦ ਮਾਰਕ ਦਾ ਮੁੱਲ ਡਿੱਗ ਜਾਂਦਾ ਸੀ। ਡਾਕ ਦੁਆਰਾ ਪੱਤਰ ਭੇਜਣ ਦਾ ਖਰਚ 20 ਕਰੋੜ ਮਾਰਕ ਸੀ, ਅਖਬਾਰ ਦਾ ਮੁੱਲ 18 ਕਰੋੜ ਮਾਰਕ ਅਤੇ ਅੰਤਮ ਸੰਸਕਾਰ ਵਾਸਤੇ 25 ਹਜ਼ਾਰ ਕਰੋੜ ਮਾਰਕ ਖਰਚ ਕਰਨੇ ਪੈਂਦੇ ਸਨ ।

ਇੱਕ ਵਾਰ ਜਰਮਨੀ ਦੇ ਲੇਖਕ ਮਾਇਸਕਾ ਸਲਵਿਅੰਸ਼ਕੀ ਪ੍ਰਕਾਸ਼ਕ ਕੋਲੋਂ ਰਾਇਲਟੀ ਲੈਣ ਗਏ ਤਾਂ ਉਹਨਾਂ ਕੋਲ ਕੇਵਲ 80 ਲੱਖ ਮਾਰਕ ਸਨ, 80 ਲੱਖ ਮਾਰਕ ਦੀ ਬੱਸ ਦੀ ਟਿਕਟ ਲੈਣ ਤੇ ਵੀ ਉਹਨਾਂ ਨੂੰ ਅੱਧਾ ਰਸਤਾ ਪੈਦਲ ਚੱਲਣਾ ਪਿਆ । ਪ੍ਰਕਾਸ਼ਕ ਕੋਲੋਂ ਉਹਨਾਂ ਨੂੰ 70 ਕਰੋੜ ਮਾਰਕ ਮਿਲੇ । ਉਹ ਆਪਣੀ ਬੇਟੀ ਵਾਸਤੇ ਇੱਕ ਲੀਟਰ ਦੁੱਧ ਖਰੀਦਣਾ ਚਾਹੁੰਦੇ ਸਨ ਪਰ ਪੈਸੇ ਘੱਟ ਹੋਣ ਕਾਰਨ ਖਰੀਦ ਨਹੀਂ ਸਕੇ । ਮਾਰਕ ਦੀ ਬੇਤਹਾਸ਼ਾ ਕੀਮਤ ਡਿੱਗਣ ਕਾਰਨ ਸਰਕਾਰੀ ਅਤੇ ਗੈਰ ਸਰਕਾਰੀ ਕਰਮਚਾਰੀਆਂ ਨੇ ਰੋਜਾਨਾ ਤਨਖਾਹ ਦੀ ਮੰਗ ਕੀਤੀ ਅਤੇ ਇਹ ਮੰਗ ਮੰਨਜ਼ੂਰ ਹੋ ਗਈ। ਹੁਣ ਬੈਂਕ ਵੀ 24 ਘੰਟੇ ਖੁੱਲ੍ਹੇ ਰਹਿੰਦੇ ਸਨ। ਪੈਸੇ ਕਢਵਾਉਣ ਵਾਲਿਆਂ ਦੀ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਸਨ । ਜਿਆਦਾਤਰ ਇੱਲ ਲੱਖ ਮਾਰਕ ਜਾ ਇਸ ਤੋਂ ਜਿਆਦਾ ਮੁੱਲ ਵਾਲੇ ਨੋਟ ਪ੍ਰਚਲਿਤ ਸਨ । ਬਾਅਦ ਵਿੱਚ ਸਰਕਾਰ ਨੇ 50 ਕਰੋੜ, 1 ਅਰਬ ਅਤੇ 10 ਅਰਬ ਮਾਰਕ ਦੇ ਨੋਟ ਜਾਰੀ ਕੀਤੇ । ਸੌ ਤੋਂ ਜਿਆਦਾ ਪ੍ਰੈਸਾਂ ਨੋਟ ਛਾਪਣ ਵਿੱਚ ਲੱਗੀਆਂ ਹੋਈਆਂ ਸਨ । ਸੜਕਾਂ ਉੱਤੇ ਨੋਟਾਂ ਨਾਲ ਭਰੇ ਟਰੱਕ ਖੁਲੇਆਮ ਚੱਲ ਰਹੇ ਸਨ । ਕੋਈ ਲੁਟੇਰਾ ਭਲਾ ਇੰਨੇ ਘੱਟ ਮੁੱਲ ਵਾਲੇ ਨੋਟਾਂ ਨੂੰ ਕਿਉਂ ਲੁੱਟੇਗਾ । ਮਾਰਕ ਦੀ ਕੀਮਤ ਡਿੱਗਣ ਤੋਂ ਪਹਿਲਾਂ ਜਰਮਨੀ ਨੋਟਾਂ ਦੀ ਅੰਤਰ ਰਾਸ਼ਟਰੀ ਬਜ਼ਾਰ ਵਿੱਚ ਕਾਫੀ ਸ਼ਾਖ ਸੀ । ਪ੍ਰੰਤੂ ਹੁਣ ਕੀਮਤ ਐਨੀ ਡਿੱਗ ਪਈ ਸੀ ਕਿ ਕੋਈ ਵੀ ਦੇਸ਼ ਜਰਮਨੀ ਨਾਲ ਲੈਣ ਦੇਣ ਕਰਨਾ ਪਸੰਦ ਨਹੀਂ ਕਰਦਾ ਸੀ । ਮਾਰਕ ਦੀ ਕੀਮਤ ਡਿੱਗਣ ਦਾ ਮੁੱਖ ਕਾਰਨ ਪਹਿਲੇ ਵਿਸ਼ਵ ਯੁੱਧ ਵਿੱਚ ਹੋਇਆ ਬੇਤਹਾਸ਼ਾ ਖਰਚਾ ਸੀ । ਹਥਿਆਰ, ਸੈਨਾ ਹੋਰ ਫਾਲਤੂ ਖਰਚਿਆਂ ਨਾਲ ਜਰਮਨੀ ਦੀ ਅਰਥ ਵਿਵਸਥਾ ਪੂਰੀ ਤਰਾਂ ਲੜਖੜਾ ਗਈ ਸੀ । ਜਰਮਨੀ ਦੇ ਜਿਆਦਾਤਰ ਉਦਯੋਗਿਕ ਖੇਤਰਾਂ ਤੇ ਮਿੱਤਰ ਦੇਸ਼ਾਂ ਦਾ ਕਬਜਾ ਹੋ ਚੁੱਕਿਆ ਸੀ। ਉਦਯੋਗ ਧੰਦੇ ਅਤੇ ਉਤਪਾਦਨ ਠੱਪ ਹੋ ਚੁੱਕਿਆ ਸੀ।

ਜਰਮਨੀ ਨੇ ਮਿੱਤਰ ਦੇਸ਼ਾਂ ਦਾ ਕਾਫੀ ਕਰਜਾ ਦੇਣਾ ਸੀ, ਯੁੱਧ ਦੇ ਸਮੇਂ ਦੇ ਵਿਦੇਸ਼ੀ ਕਰਜੇ ਚੁਕਾਉਣੇ ਸਨ । ਉੱਧਰ ਅਮਰੀਕੀ ਡਾਲਰ ਦੀ ਕੀਮਤ ਕਾਫੀ ਵੱਧ ਚੁੱਕੀ ਸੀ । ਅੰਨ੍ਹੇਵਾਹ ਨੋਟ ਛਾਪਣ ਕਾਰਨ ਜਰਮਨੀ ਸਮੱਸਿਆ ਹੋਰ ਵੀ ਮੁਸ਼ਕਿਲ ਵਿੱਚ ਪੈ ਗਈ ਸੀ ਸਾਰੇ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਫੈਲ ਗਿਆ ਸੀ ਬੇਕਾਰੀ ਨੇ ਵਿਰਾਟ ਰੂਪ ਧਾਰਨ ਕਰ ਲਿਆ ਸੀ ਮਹਿੰਗਾਈ ਨਾਲ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਸੀ । ਇਹਨਾਂ ਵਿਸਫੋਟਕ ਪਰਸਥਿਤੀਆਂ ਤੇ ਕਾਬੂ ਪਾਉਣ ਲਈ ਹੁਣ ਕੇਵਲ ਇੱਕ ਹੀ ਤਰੀਕਾ ਸੀ ਕਿ ਨਵਾਂ ਸਿੱਕਾ ਚਲਾਇਆ ਜਾਵੇ ਅੰਤ ਵਿੱਚ ਇਹ ਹੀ ਕੀਤਾ ਗਿਆ । ਨਵੇਂ ਸਿੱਕੇ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਜਿੱਥੇ ਪਹਿਲਾਂ ਅਮਰੀਕੀ ਡਾਲਰ ਵਾਸਤੇ 420 ਕਰੋੜ ਪੁਰਾਣੇ ਮਾਰਕ ਮਿਲਦੇ ਸਨ ਹੁਣ 42 ਨਵੇਂ ਮਾਰਕ ਮਿਲਣ ਲੱਗੇ । ਹੁਣ ਜਰਮਨੀ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਣ ਲੱਗਿਆ । ਆਰਥਿਕ ਸਥਿਤੀ ਵਿੱਚ ਹੋਏ ਸੁਧਾਰ ਕਾਰਨ ਅੱਗੇ ਚੱਲ ਕੇ ਜਰਮਨੀ ਨੂੰ 20 ਕਰੋੜ ਡਾਲਰ ਦਾ ਵਿਦੇਸ਼ੀ ਕਰਜਾ ਵੀ ਪ੍ਰਾਪਤ ਹੋਇਆ ਜੋ ਉਸਦੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਕਾਫੀ ਮਹੱਤਵਪੂਰਣ ਸਿੱਧ ਹੋਇਆ ।
dhirsudhir@gmail.com
09814900538
ਅਸਵੀਕਰਨ