Welcome, Guest   [ Register | Sign In | Take a tour | Adult Filter: On ]
ਪੰਜਾਬ ਦੇਸ਼

ਮਾਂ ਬੋਲੀ ਪੰਜਾਬੀ ਦੀ ਬੱਲੇ-ਬੱਲੇ ਕਦੇ ਵਿਸਰ ਨਾ ਜਾਵੇ 'ਪੰਜਾਬਦੇਸ਼' ਦੀ ਪੰਜਾਬੀ ਮਾਂ ਬੋਲੀ ਪੰਜਾਬ ਜਾਂ ਪੰਜਾਬੀਆਂ ਦੀ ਜਦ ਵੀ ਗੱਲ ਹੁੰਦੀ ਹੈ ਤਾਂ ਜ਼ਿਕਰ ਹੁੰਦਾ ਹੈ ਕਿ ਪੰਜਾਬੀ ਹਮੇਸ਼ਾ ਚੜ੍ਹਦੀਕਲਾ 'ਚ ਰਹਿੰਦੇ ਹਨ.ਪੰਜਾਬੀਆਂ ਬਾਰੇ ਗੱਲ ਹੁੰਦੀ ਹੈ ਤਾਂ ਜ਼ਿਕਰ ਹੁੰਦਾ ਹੈ, ਉਨ੍ਹਾਂ ਦੀ ਖੁਰਾਕ, ਹੱਡ ਤੋੜਵੀਂ ਮਿਹਨਤ, ਪਿਆਰ, ਸਾਦਗੀ ਨਾਲ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਕਰਨ ਦੀ. ਉਨ੍ਹਾਂ ਦੁਆਰਾ ਸਾਦਗੀ ਨਾਲ ਬੋਲੀ ਜਾਂਦੀ 'ਪੰਜਾਬੀ ਮਾਂ ਬੋਲੀ' ਤਾਂ ਉਨ੍ਹਾਂ ਦਾ ਕੱਦ ਹੋਰ ਵੀ ਉੱਚਾ ਕਰ ਦਿੰਦੀ ਹੈ. ਪੰਜਾਬੀ ਦੇ ਮਿੱਠੇ ਚਾਰ ਬੋਲ ਹੀ ਸਾਲਾਂ ਤੋਂ ਪਏ ਗਿਲੇ,ਸ਼ਿਕਵਿਆਂ ਨੂੰ ਦੂਰ ਕਰ ਦਿੰਦੇ ਹਨ.ਪੰਜਾਬੀਆਂ ਦੀ ਸ਼ਾਨ ਹੀ ਵੱਖਰੀ ਹੈ.ਜੇ ਕਿਤੇ ਪੰਜਾਬੀ ਜਾ ਕੇ ਵੱਸ ਜਾਣ ਤਾਂ ਉੱਥੇ ਹੀ ਮਿੰਨੀ ਪੰਜਾਬ ਬਣਾ ਦਿੰਦੇ ਹਨ.ਲੋਕ ਤਾਂ ਉਨ੍ਹਾਂ ਨੂੰ ਦੂਰੋਂ ਹੀ ਪਹਿਚਾਣ ਲੈਂਦੇ ਹਨ ਕਿ ਇਹ ਤਾਂ ਪੰਜਾਬੀ ਹੀ ਹੋ ਸਕਦੇ ਹਨ.ਜਿੱਥੇ-ਜਿੱਥੇ ਵੀ ਪੰਜਾਬੀ ਜਾ ਕੇ ਵੱਸੇ ਹਨ, ਉੱਥੇ ਹੀ ਪੰਜਾਬੀ ਸਾਹਿਤ, ਸੱਭਿਆਚਾਰ ਨੂੰ ਫੈਲਾਇਆ ਹੈ. ਜਿਉਂ-ਜਿਉਂ ਜ਼ਮਾਨਾ ਬਦਲਦਾ ਜਾ ਰਿਹਾ ਹੈ ਤਾਂ ਪੰਜਾਬ 'ਚ ਪੰਜਾਬੀਆਂ ਦੁਆਰਾ ਅੰਗਰੇਜ਼ੀ,ਹਿੰਦੀ ਜਾਂ ਹੋਰ ਭਾਸ਼ਾਵਾਂ ਨੂੰ ਸਿੱਖਣ ਦੀ ਲੱਗੀ ਹੋੜ ਵਿੱਚ ਪੰਜਾਬੀ ਵਿਰਾਸਤ 'ਚੋਂ ਮਿਲੀ ਆਪਣੀ ਪਿਆਰੀ ਮਾਂ ਬੋਲੀ ਨੂੰ ਮਨੋਂ ਵਿਸਾਰਦੇ ਜਾ ਰਹੇ ਹਨ,ਜੋ ਕਿ ਪੰਜਾਬ ਅਤੇ ਪੰਜਾਬੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ.ਹਾਂ, ਫ਼ਿਰ ਵੀ ਚਾਹੇ ਕੁੱਝ ਵੀ ਹੋ ਜਾਵੇ ਪਰ ਪੰਜਾਬੀਆਂ ਦੇ ਖਾਣ-ਪਾਣ,ਖੁਲ੍ਹੇ ਡੁੱਲ੍ਹੇ ਮਾਹੌਲ ਨਾਲ ਉਨ੍ਹਾਂ ਦਾ ਉਂਝ ਹੀ ਪਤਾ ਲੱਗ ਜਾਂਦਾ ਹੈ. ਸਾਡੇ ਦੁਆਰਾ ਤੁਹਾਡੇ ਸਨਮੁੱਖ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ.ਦੇਸ਼ ਵਿੱਚ ਚਾਹੇ ਹਿੰਦੀ ਤੇ ਅੰਗਰੇਜ਼ੀ ਕਾਫ਼ੀ ਪ੍ਰਚਲਿਤ ਹੈ ਪਰ ਪੰਜਾਬੀ ਭਾਸ਼ਾ ਵੀ ਕਿਸੇ ਨਾਲੋਂ ਘੱਟ ਨਹੀਂ.ਮੈਂ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਵਾਸੀਆਂ ਨੂੰ ਅੰਗਰੇਜ਼ੀ,ਹਿੰਦੀ ਜਾਂ ਹੋਰ ਭਾਸ਼ਾਵਾਂ ਨਹੀਂ ਸਿੱਖਣੀਆਂ ਚਾਹੀਦੀਆਂ ਸਗੋਂ ਮੈਂ ਤਾਂ ਇਹ ਕਹਿਣ ਦੀ ਕੋਸ਼ਿਸ ਕਰ ਰਿਹਾ ਹਾਂ ਕਿ ਪੰਜਾਬ ਤੇ ਪੰਜਾਬ ਤੋਂ ਬਾਹਰ ਰਹਿੰਦੇ ਹਰ ਪੰਜਾਬੀ ਨੂੰ ਇਨ੍ਹਾਂ ਭਾਸ਼ਾਵਾਂ ਨੂੰ ਅਪਨਾਉਣ ਦੇ ਨਾਲ-ਨਾਲ ਆਪਣੀ ਮਾਂ ਬੋਲੀ ਪੰਜਾਬੀ ਨੂੰ ਹੋਰ ਉੱਚਾ ਚੁੱਕਣ ਦਾ ਉਪਰਾਲਾ ਕਰਨਾ ਚਾਹੀਦਾ ਹੈ. ਕਿਸੇ ਸ਼ਾਇਰ ਨੇ ਸੱਚ ਹੀ ਕਿਹਾ ਹੈ ਕਿ ਜੇਕਰ ਕਿਸੇ ਨੇ ਤੁਹਾਨੂੰ ਕੋਈ ਗਾਲ ਕੱਢਣੀ ਹੋਵੇ ਤਾਂ ਉਹ ਥੋੜੇ ਜਿਹੇ ਸ਼ਬਦਾਂ 'ਚ ਹੀ ਬਹੁਤ ਵੱਡੀ ਗਾਲ ਕੱਢ ਜਾਂਦਾ ਹੈ ਜਦ ਉਹ ਕਹਿੰਦਾ ਹੈ ਕਿ 'ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ. ਇਹ ਹੈ ਵੀ ਸੱਚ ਕਿ ਜੇਕਰ ਮਨੁੱਖ ਨੂੰ ਉਸ ਦੀ ਆਪਣੀ ਵਿਰਾਸਤ (ਵਿਰਸੇ) 'ਚ ਮਿਲੀ ਬੋਲੀ ਹੀ ਭੁੱਲ ਗਈ ਤਾਂ ਉਹ ਜ਼ਿੰਦਗੀ 'ਚ ਕੀ ਕਰੇਗਾ. ਉਹ ਨਾ ਤਾਂ ਘਰ ਦਾ ਰਹੇਗਾ ਤੇ ਨਾ ਘਾਟ ਦਾ. ਹਿੰਦੀ ਦੇ ਵੀ ਇੱਕ ਪ੍ਰਸਿੱਧ ਕਵੀ ਭਾਰਤੇਂਦੂਜੀ ਨੇ ਕਵਿਤਾ 'ਚ ਕਿਹਾ ਹੈ ਕਿ, 'ਨਿੱਜ ਭਾਸ਼ਾ ਉੱਨਤ ਅਹੈ,ਸਭ ਉੱਨਤ ਕੋ ਮੂਲ' 'ਬਿਨ ਨਿੱਜ ਭਾਸ਼ਾ ਆਨ ਕੈ, ਮਿਟੇ ਨਾ ਹਿਯਰੇ ਸੂਲ' ਉਹ ਵੀ ਕਹਿੰਦੇ ਹਨ ਕਿ ਜੇਕਰ ਕਿਸੇ ਮਨੁੱਖ ਦੁਆਰਾ ਦੂਜੀਆਂ ਚਾਹੇ ਸੋ ਭਾਸ਼ਾਵਾਂ ਹੀ ਸਿੱਖ ਲਈਆਂ ਜਾਣ ਪਰ ਜੇਕਰ ਉਸ ਨੇ ਆਪਣੀ ਨਿੱਜੀ ਭਾਸ਼ਾ,ਘਰੇਲੂ ਭਾਸ਼ਾ ਨੂੰ ਹੀ ਵਿਸਾਰ ਦਿੱਤਾ ਤਾਂ ਉਹ ਉਨ੍ਹਾਂ ਸੋ ਭਾਸ਼ਾਵਾਂ ਨੂੰ ਵੀ ਜਾਣ ਕੇ ਅਣਜਾਣ ਹੈ ਕਿਉਂਕਿ ਆਪਣੀ ਭਾਸ਼ਾ ਤੋਂ ਹੀਨ ਬੰਦਾ ਸਭ ਕੁੱਝ ਤੋਂ ਹੀ ਹੀਣ ਹੋ ਜਾਂਦਾ ਹੈ.ਉਹ ਆਪਣੇ ਸਮਾਜ ਵਿੱਚ ਰਹਿਣ ਜੋਗਾ ਨਹੀਂ ਰਹਿੰਦਾ. ਇਸੇ ਲਈ ਅਸੀਂ ਵੀ ਇੱਥੇ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨੂੰ ਉੱਪਰ ਉਠਾਉਣ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾਉਣ ਲਈ ਨਿਮਾਣਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ,ਜਿਸ ਵਿੱਚ ਤੁਹਾਨੂੰ ਪੰਜਾਬ ਦੇ ਵਿਰਸੇ ਨਾਲ ਜੁੜੇ ਫੀਚਰ, ਨਿਊਜ਼ ਸਟੋਰੀ, ਆਰਟੀਕਲ ਅਤੇ ਕਵਿਤਾਵਾਂ ਪੜ੍ਹਨ ਨੂੰ ਮਿਲਣਗੀਆਂ.'ਪੰਜਾਬੀ ਮਾਂ ਬੋਲੀ' ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲੇ ਨੂੰ ਕਾਮਯਾਬ ਬਣਾਉਣ ਲਈ ਆਪਣੇ ਬਹੁ-ਕੀਮਤੀ ਸੁਝਾਅ ਭੇਜੋ.

ਪੋਰਟਲ ਨਿਰਮਾਤਾ Sudhir Dhir
ਅੰਤਮ ਵਾਰ ਸੰਸ਼ੋਧਿਤ ਕੀਤਾ ਮਾਰਚ 24, 2009 8:46:24 AM IST